1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਰੁਜ਼ਗਾਰ

ਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ

ਬੇਰੁਜ਼ਗਾਰੀ ਦਰ 6.1% ‘ਤੇ ਸਥਿਰ

ਕੈਨੇਡਾ ਨੇ ਅਪ੍ਰੈਲ ਮਹੀਨੇ ਆਰਥਿਕਤਾ ਵਿਚ 90,000 ਨੌਕਰੀਆਂ ਸ਼ਾਮਲ ਕੀਤੀਆਂ।

ਕੈਨੇਡਾ ਨੇ ਅਪ੍ਰੈਲ ਮਹੀਨੇ ਆਰਥਿਕਤਾ ਵਿਚ 90,000 ਨੌਕਰੀਆਂ ਸ਼ਾਮਲ ਕੀਤੀਆਂ।

ਤਸਵੀਰ:  (Jaison Empson/CBC)

RCI

ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਅਪ੍ਰੈਲ ਮਹੀਨੇ ਵਿਚ ਕੈਨੇਡੀਅਨ ਅਰਥਚਾਰੇ ਵਿਚ 90,000 ਨੌਕਰੀਆਂ ਸ਼ਾਮਲ ਹੋਈਆਂ।

ਇਹ ਅੰਕੜੇ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਤੋਂ ਕਿਤੇ ਉੱਪਰ ਹਨ। ਹਾਲਾਂਕਿ ਬੇਰੁਜ਼ਗਾਰੀ ਦਰ ਪਿਛਲੇ ਮਹੀਨੇ ਜਿੰਨੀ ਹੀ 6.1% ‘ਤੇ ਸਥਿਰ ਰਹੀ।

ਰੁਜ਼ਗਾਰ ਦਰ ਯਾਨੀ ਨੌਕਰੀ ਕਰਨ ਵਾਲੀ ਆਬਾਦੀ ਦੀ ਪ੍ਰਤੀਸ਼ਤਤਾ ਵੀ 61.4% ‘ਤੇ ਸਥਿਰ ਰਹੀ। ਸਟੈਟਿਸਟਿਕਸ ਕੈਨੇਡਾ ਅਨੁਸਾਰ ਇਹ ਸਥਿਰਤਾ ਲਗਾਤਾਰ ਛੇ ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਦਰਜ ਹੋਈ ਹੈ।

ਪਾਰਟ-ਟਾਈਮ ਨੌਕਰੀਆਂ ਵਿਚ ਜ਼ਿਆਦਾ ਵਾਧਾ ਹੋਇਆ, ਜਿੱਥੇ ਅਜਿਹੀਆਂ ਨੌਕਰੀਆਂ ਦੀ ਤਾਦਾਦ 50,000 ਤੋਂ ਵੱਧ ਰਹੀ। ਚਾਰ ਮਹੀਨਿਆਂ ਤੱਕ ਤਰਕੀਬਨ ਖੜੋਤ ਤੋਂ ਬਾਅਦ, ਅਪ੍ਰੈਲ ਵਿਚ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿਚ ਵੀ ਵਾਧਾ ਦਰਜ ਹੋਇਆ।

ਪੇਸ਼ੇਵਰ, ਵਿਗਿਆਨਕ ਅਤੇ ਤਕਨੀਕੀ ਸੇਵਾ ਉਦਯੋਗਾਂ ਵਿਚ ਵਧੇਰੇ ਨੌਕਰੀਆਂ ਪੈਦਾ ਹੋਈਆਂ। ਇਸ ਤੋਂ ਇਲਾਵਾ ਅਪ੍ਰੈਲ ਦੌਰਾਨ 15 ਤੋਂ 24 ਸਾਲ ਦੇ ਉਮਰ ਵਰਗ ਦੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ 40,000 ਦਾ ਵਾਧਾ ਹੋਇਆ।

ਗ਼ੌਰਤਲਬ ਹੈ ਕਿ ਮਾਰਚ ਮਹੀਨੇ 2,200 ਨੌਕਰੀਆਂ ਖ਼ਤਮ ਹੋਈਆਂ ਸਨ ਅਤੇ ਉਸ ਮਹੀਨੇ ਸਾਲ 2022 ਦੀਆਂ ਗਰਮੀਆਂ ਤੋਂ ਬਾਅਦ ਬੇਰੁਜ਼ਗਾਰੀ ਦਰ ਵਿਚ ਸਭ ਤੋਂ ਵੱਡਾ ਵਾਧਾ ਹੋਇਆ ਸੀ।

ਬੈਂਕ ਔਫ਼ ਕੈਨੇਡਾ ਅਗਲੇ ਮਹੀਨੇ ਵਿਆਜ ਦਰਾਂ ਨੂੰ ਬਦਲਣ ਜਾਂ ਨਾ ਬਦਲਣ ਦੇ ਆਪਣੇ ਫ਼ੈਸਲੇ ਵਿਚ ਇਨ੍ਹਾਂ ਅੰਕੜਿਆਂ ਨੂੰ ਧਿਆਨ ਵਿਚ ਰੱਖੇਗਾ।

ਬਹੁਤ ਸਾਰੇ ਅਰਥਸ਼ਾਸਤਰੀਆਂ ਦੀ ਪੇਸ਼ੀਨਗੋਈ ਹੈ ਕਿ ਕੇਂਦਰੀ ਬੈਂਕ ਜੂਨ ਵਿਚ ਵਿਆਜ ਦਰਾਂ ਵਿਚ ਕਟੌਤੀ ਕਰੇਗਾ, ਹਾਲਾਂਕਿ ਅਪ੍ਰੈਲ ਦੀ ਮਹਿੰਗਾਈ ਦਰ ਇਸ ਫ਼ੈਸਲੇ ਨੂੰ ਬਹੁਤ ਪ੍ਰਭਾਵਿਤ ਕਰੇਗੀ।

ਅਨੀਸ ਹੈਦਰੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ