1. ਮੁੱਖ ਪੰਨਾ
  2. ਸਮਾਜ
  3. ਇਤਿਹਾਸ

ਖ਼ਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਤਰਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ

ਆਯੋਜਕਾਂ ਅਨੁਸਾਰ ਦੋ ਲੱਖ ਤੋਂ ਵੱਧ ਸੰਗਤ ਸ਼ਾਮਲ ਹੋਈ

ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਰਤਨ ਦੀ ਤਸਵੀਰ।

ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਰਤਨ ਦੀ ਤਸਵੀਰ।

ਤਸਵੀਰ: Radio-Canada / Justine Beaulieu-Poudrie

RCI

ਸ਼ਨੀਵਾਰ ਨੂੰ ਵੈਨਕੂਵਰ ਵਿੱਚ ਖ਼ਾਲਸਾ ਪੰਥ ਦੀ ਸਾਜਣਾ ਅਤੇ ਵਿਸਾਖੀ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਆਯੋਜਿਤ ਕੀਤਾ ਗਿਆ।

ਆਯੋਜਕਾਂ ਦਾ ਕਹਿਣਾ ਹੈ ਕਿ ਇਸ ਸਲਾਨਾ ਖ਼ਾਲਸਾ ਪਰੇਡ ਵਿਚ 200,000 ਤੋਂ ਵੱਧ ਲੋਕ ਸ਼ਾਮਲ ਹੋਏ।

13 ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸਿੱਖ ਇਤਿਹਾਸ ਵਿਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।

ਇਸੇ ਕਰਕੇ ਅਪ੍ਰੈਲ ਦਾ ਮਹੀਨਾ ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨੇ ਵੱਜੋਂ ਵੀ ਮਨਾਇਆ ਜਾਂਦਾ ਹੈ।

ਸੰਗਤਾਂ ਵਿਚ ਨਗਰ ਕੀਰਤਨ ਦਾ ਉਤਸਾਹ ਦੇਖਣ ਵਾਲਾ ਸੀ। ਹਰ ਸਾਲ ਵਾਂਗੂ ਇਸ ਖ਼ਾਲਸਾ ਪਰੇਡ ਦੌਰਾਨ ਲੱਖਾਂ ਲੋਕਾਂ ਨੇ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਵੈਨਕੂਵਰ ਦੀਆਂ ਸੜਕਾਂ 'ਤੇ ਸੰਗਤਾਂ ਵੱਲੋਂ ਅਤੁੱਟ ਲੰਗਰ ਵੀ ਵਰਤਾਇਆ ਗਿਆ।

ਵੈਨਕੂਵਰ ਨਗਰ ਕੀਰਤਨ ਵਿਚ ਬੀਸੀ ਦੇ ਪ੍ਰੀਮੀਅਰ ਡੇਵਿਡ ਇਬੀ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਵੀ ਸ਼ਾਮਲ ਹੋਏ।

ਆਯੋਜਕਾਂ ਅਨੁਸਾਰ ਇਸ ਸਲਾਨਾ ਖ਼ਾਲਸਾ ਪਰੇਡ ਵਿਚ 200,000 ਤੋਂ ਵੱਧ ਲੋਕ ਸ਼ਾਮਲ ਹੋਏ।

ਆਯੋਜਕਾਂ ਅਨੁਸਾਰ ਇਸ ਸਲਾਨਾ ਖ਼ਾਲਸਾ ਪਰੇਡ ਵਿਚ 200,000 ਤੋਂ ਵੱਧ ਲੋਕ ਸ਼ਾਮਲ ਹੋਏ।

ਤਸਵੀਰ: Radio-Canada / Justine Beaulieu-Poudrier

ਪਰ ਐਦਕੀਂ ਖ਼ਾਲਸਾ ਪਰੇਡ ਦੇ ਕੁਝ ਹਾਜ਼ਰੀਨ ਨੇ ਵੈਨਕੂਵਰ ਅਤੇ ਸਰੀ ਦੇ ਮੇਅਰਾਂ ਦੁਆਰਾ ਕੀਤੀਆਂ ਟਿੱਪਣੀਆਂ 'ਤੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ। ਦਰਅਸਲ ਸਿਟੀ ਔਫ਼ ਵੈਨਕੂਵਰ ਵੱਲੋਂ ਇਸ ਮਹੱਤਵਪੂਰਨ ਦਿਨ ਬਾਰੇ ਦਿੱਤੇ ਜਨਤਕ ਬਿਆਨਾਂ ਵਿਚ ਸਿੱਖ ਧਰਮ ਦਾ ਹਵਾਲਾ ਨਹੀਂ ਦਿੱਤਾ ਗਿਆ ਸੀ।

ਪਿਛਲੇ ਹਫ਼ਤੇ ਵੈਨਕੂਵਰ ਮੇਅਰ ਕੈਨ ਸਿਮ ਨੇ ਵਿਸਾਖੀ ਦੇ ਦਿਨ ਨੂੰ ਸਿੱਖਾਂ ਦੇ ਇੱਕ ਧਾਰਮਿਕ ਦਿਹਾੜੇ ਦੀ ਬਜਾਏ ਇਸ ਨੂੰ ਸਾਊਥ ਏਸ਼ੀਅਨ ਭਾਈਚਾਰੇ ਦਾ ਇੱਕ ਸੱਭਿਆਚਾਰਕ ਜਸ਼ਨ ਆਖ ਦਿੱਤਾ ਸੀ ਅਤੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਇੱਕ ਪ੍ਰੈਸ ਕਾਨਫ਼੍ਰੰਸ ਵਿਚ ਖਾਲਸਾ ਪਰੇਡ ਨੂੰ ਇੱਕ ‘ਪਾਰਟੀ’ ਆਖ ਦਿੱਤਾ ਸੀ।

ਭਾਈਚਾਰੇ ਵੱਲੋਂ ਇਤਰਾਜ਼ ਕੀਤੇ ਜਾਣ ਮਗਰੋਂ ਸਿਟੀ ਔਫ਼ ਵੈਨਕੂਵਰ ਨੇ ਮੁਆਫ਼ੀ ਮੰਗੀ ਸੀ ਅਤੇ ਸਰੀ ਮੇਅਰ ਨੇ ਵੀ ਵਿਸਾਖੀ ਅਤੇ ਨਗਰ ਕੀਰਤਨ ਦੀ ਮਹੱਤਤਾ ਪ੍ਰਗਟਾਉਂਦਿਆਂ ਆਪਣਾ ਪੱਖ ਸਪਸ਼ਟ ਕੀਤਾ ਸੀ।

ਮੇਅਰ ਲੌਕ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਨਦਾਰ ਅਤੇ ਰੰਗਾਂ ਨਾਲ ਭਰਪੂਰ ਆਯੋਜਨਾਂ ਦਾ ਵਰਣਨ ਕਰਨ ਲਈ 'ਪਾਰਟੀ' ਸ਼ਬਦ ਦੀ ਵਰਤੋਂ ਕੀਤੀ ਸੀ, ਪਰ ਉਨ੍ਹਾਂ ਦੇ ਸ਼ਬਦ ਦਾ ਗ਼ਲਤ ਅਰਥ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਦਿਨ ਦੀ ਸਿੱਖ ਭਾਈਚਾਰੇ ਲਈ ਮਹੱਤਤਾ ਨੂੰ ਬਖ਼ੂਬੀ ਸਮਝਦੇ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ