1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਫ਼ੋਰਡ ਨੇ ਔਟਵਾ ਵਿਚ ‘ਫ਼ੈਡਰਲ ਮੁਲਾਜ਼ਮਾਂ’ ਨੂੰ ਮੁੜ ਦਫ਼ਤਰੋਂ ਕੰਮ ਕਰਨ ਲਈ ਆਖਿਆ

ਪ੍ਰੀਮੀਅਰ ਚਾਹੁੰਦੇ ਹਨ ਕਿ ਫ਼ੈਡਰਲ ਸਰਕਾਰ ਔਟਵਾ ਡਾਊਨਟਾਊਨ ਦੀ ਆਰਥਿਕਤਾ ਸੁਧਾਰਨ ਚ ਮਦਦ ਕਰੇ

28 ਮਾਰਚ 2024 ਨੂੰ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਔਟਵਾ ਦੇ ਮੇਅਰ ਮਾਰਕ ਸਟਕਲਿਫ਼ ਨਾਲ ਔਟਵਾ ਵਿਚ ਮੁਲਾਕਾਤ ਕਰਦੇ ਹੋਏ।

28 ਮਾਰਚ 2024 ਨੂੰ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਔਟਵਾ ਦੇ ਮੇਅਰ ਮਾਰਕ ਸਟਕਲਿਫ਼ ਨਾਲ ਔਟਵਾ ਵਿਚ ਮੁਲਾਕਾਤ ਕਰਦੇ ਹੋਏ।

ਤਸਵੀਰ: (Justin Tang/The Canadian Press)

RCI

ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਫ਼ੈਡਰਲ ਸਰਕਾਰ ਨੂੰ ਔਟਵਾ ਡਾਊਨਟਾਊਨ ਨੂੰ ਮੁੜ ਸੁਰਜੀਤ ਕਰਨ ਲਈ ਪਬਲਿਕ ਸਰਵੈਂਟਸ ਨੂੰ ਵਧੇਰੇ ਦਿਨ ਦਫ਼ਤਰ ਆਕੇ ਕੰਮ ਕਰਨਾ ਜ਼ਰੂਰੀ ਕਰਨ ਦੀ ਮੰਗ ਕੀਤੀ ਹੈ।

ਪਰ ਫ਼ੋਰਡ ਦੀ ਇਸ ਬੇਨਤੀ ‘ਤੇ ਨਾ ਤਾਂ ਪਬਲਿਕ ਸਰਵੈਂਟਸ ਲਈ ਜ਼ਿੰਮੇਵਾਰ ਸਰਕਾਰੀ ਵਿਭਾਗ ਅਤੇ ਨਾ ਹੀ ਮੁਲਾਜ਼ਮਾਂ ਦੀ ਯੂਨੀਅਨ ਵਿਚ ਕੋਈ ਹਿਲਜੁਲ ਪ੍ਰਤੀਤ ਹੋ ਰਹੀ ਹੈ।

ਵੀਰਵਾਰ ਨੂੰ ਔਟਵਾ ਵਿਚ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਫ਼ੋਰਡ ਨੇ ਕਿਹਾ ਕਿ, ਉਨ੍ਹਾਂ ਨੂੰ ਲੋਕਾਂ ਨੂੰ ਦਫ਼ਤਰ ਵਾਪਸ ਲਿਆਉਣਾ ਪੈਣਾ ਹੈ

ਇਹ ਅਜੀਬ ਲੱਗਦਾ ਹੈ। ਮੈਂ ਲੋਕਾਂ ਨੂੰ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੀ ਮਿੰਨਤ ਕਰ ਰਿਹਾਂ….ਇਸ ਲਈ ਨਹੀਂ ਕਿ ਉਹ ਘਰੋਂ ਕੰਮ ਕਰ ਰਹੇ ਹਨ, ਸਗੋਂ ਇਸ ਕਰਕੇ ਕਿ ਇਸ ਨਾਲ ਡਾਊਨਟਾਊਨ ਪ੍ਰਭਾਵਿਤ ਹੋ ਰਿਹਾ ਹੈ

ਇਸ ਪ੍ਰੈਸ ਕਾਨਫ਼੍ਰੰਸ ਵਿਚ ਔਟਵਾ ਦੇ ਮੇਅਰ ਮਾਰਕ ਸਟਕਲਿਫ਼ ਵੀ ਮੌਜੂਦ ਸਨ। ਫ਼ੋਰਡ ਸਰਕਾਰ ਨੇ ਔਟਵਾ ਲਈ ਅਗਲੇ 10 ਸਾਲਾਂ ਦੌਰਾਨ 543 ਮਿਲੀਅਨ ਡਾਲਰ (ਨਵੀਂ ਵਿੰਡੋ) ਖ਼ਰਚਣ ਦਾ ਐਲਾਨ ਕੀਤਾ ਹੈ ਜਿਸ ਵਿਚ ਹਾਊਸਿੰਗ, ਟ੍ਰੈਵਲ, ਪਬਲਿਕ ਸੇਫ਼ਟੀ ਅਤੇ ਹੋਰ ਖੇਤਰਾਂ ਵਿਚ ਰਾਸ਼ੀ ਖ਼ਰਚੀ ਜਾਵੇਗੀ।

ਇਸ ਰਾਸ਼ੀ ਵਿਚੋ 20 ਮਿਲੀਅਨ ਡਾਲਰ ਆਰਥਿਕ ਰਿਕਵਰੀ ਅਤੇ ਡਾਊਨਟਾਊਨ ਨੂੰ ਮੁੜ-ਸੁਰਜੀਤ ਕਰਨ ਲਈ ਰਾਖਵੇਂ ਕੀਤੇ ਗਏ ਹਨ।

ਫ਼ੋਰਡ ਨੇ ਕਿਹਾ ਕਿ ਉਹ ਫ਼ੈਡਰਲ ਵਰਕਰਾਂ ਨੂੰ ਹਫ਼ਤੇ ਵਿਚ ਤਿੰਨ ਦਿਨ ਦਫ਼ਤਰ ਆ ਕੇ ਕੰਮ ਕਰਨ ਦੀ ਬੇਨਤੀ ਕਰ ਰਹੇ ਹਨ, ਪਰ ਇਹ ਨੁਕਤਾ ਪਿਛਲੇ ਸਾਲ ਫ਼ੈਡਰਲ ਮੁਲਾਜ਼ਮਾਂ ਅਤੇ ਸਰਕਾਰ ਦਰਮਿਆਨ ਇਕਰਾਰਨਾਮੇ ਦੀ ਗੱਲਬਾਤ ਦੌਰਾਨ ਇੱਕ ਵਿਵਾਦ ਦਾ ਮੁੱਦਾ ਰਿਹਾ ਹੈ।

ਫ਼ੋਰਡ ਨੇ ਕਿਹਾ, ਤੁਹਾਨੂੰ ਡਾਊਨਟਾਊਨ ਦੀ ਆਰਥਿਕਤਾ ਨੂੰ ਚਲਦੇ ਰੱਖਣਾ ਚਾਹੀਦਾ ਹੈ। ਰੈਸਟੋਰੈਂਟ ਪ੍ਰਭਾਵਿਤ ਹੋ ਰਹੇ ਹਨ। ਦੁਕਾਨਾਂ ਪ੍ਰਭਾਵਿਤ ਹੋ ਰਹੀਆਂ ਹਨ। ਟ੍ਰਾਂਜ਼ਿਟ ਵਿਚ ਸਵਾਰੀਆਂ ਦਾ ਨੁਕਸਾਨ ਹੋ ਰਿਹਾ ਹੈ

ਮੈਨੂੰ ਲੱਗਦਾ ਹੈ ਕਿ ਇਹ ਇੱਕ ਆਮ ਬੇਨਤੀ ਹੈ। ਤੁਹਾਨੂੰ ਨੌਕਰੀ ਮਿਲੀ ਹੈ, ਕੰਮ ‘ਤੇ ਆਓ। ਕਲਪਨਾ ਕਰੋ ਕਿ ਜੇਕਰ ਮੈਂ ਸੂਬੇ ਦੇ ਬਾਕੀ ਲੋਕਾਂ ਨੂੰ ਕਿਹਾ ਹੋਵੇ ਕਿ ਤੁਹਾਨੂੰ ਕੰਮ 'ਤੇ ਨਹੀਂ ਜਾਣਾ ਪਵੇਗਾ? ਸਾਡੀ ਆਰਥਿਕਤਾ ਠੱਪ ਹੋ ਜਾਵੇਗੀ। ਇਸ ਲਈ, ਉਨ੍ਹਾਂ [ਫ਼ੈਡਰਲ ਵਰਕਰਾਂ] ਨੂੰ ਵਿਸ਼ੇਸ਼ ਛੋਟ ਨਹੀਂ ਮਿਲਣੀ ਚਾਹੀਦੀ

ਫ਼ੋਰਡ ਦੀ ਮੰਗ ‘ਤੇ ਜਵਾਬ ਬਾਰੇ ਪੁੱਛੇ ਜਾਣ ‘ਤੇ ਟ੍ਰੈਜ਼ਰੀ ਬੋਰਡ ਔਫ਼ ਕੈਨੇਡਾ ਦੇ ਸਕੱਤਰੇਤ ਨੇ ਇੱਕ ਈਮੇਲ ਵਿਚ ਕਿਹਾ ਕਿ ਪਬਲਿਕ ਸਰਵੈਂਟਸ ਫ਼ਿਲਹਾਲ ਹਫ਼ਤੇ ਵਿਚ ਦੋ ਤੋਂ ਤਿੰਨ ਦਿਨ ਦਫ਼ਤਰੋਂ ਕੰਮ ਕਰ ਰਹੇ ਹਨ, ਜਿਸ ਨਾਲ ਵਰਕਰਾਂ ਨੂੰ ਵਿਅਕਤੀਗਤ ਤੌਰ ‘ਤੇ ਕੰਮ ਕਰਨ ਅਤੇ ਦਫ਼ਤਰੋਂ ਦੂਰ ਕੰਮ ਕਰ ਸਕਣ ਦੇ ਵਿਕਲਪ ਦਾ ਲਚਕੀਲਾਪਣ ਮਿਲਦਾ ਹੈ।

ਬੁਲਾਰੇ ਨੇ ਕਿਹਾ ਕਿ ਪਬਲਿਕ ਸਰਵਿਸ ਲਈ ਕੰਮ ਕਰਨ ਦੀ ਲੋਕੇਸ਼ਨ ਮੈਨੇਜਮੈਂਟ ਨਿਰਧਾਰਿਤ ਕਰਦੀ ਹੈ।

ਪ੍ਰੋਫ਼ੈਸ਼ਨਲ ਇੰਸਟੀਟਿਊਟ ਔਫ਼ ਦ ਪਬਲਿਕ ਸਰਵਿਸ ਔਫ਼ ਕੈਨੇਡਾ ਦੀ ਪ੍ਰੈਜ਼ੀਡੈਂਟ, ਜੈਨੀਫ਼ਰ ਕਾਰ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਮੁਲਾਜ਼ਮਾਂ ਨੂੰ ਹਫ਼ਤੇ ਵਿਚ ਦੋ ਤੋਂ ਤਿੰਨ ਦਿਨ ਕੰਮ ‘ਤੇ ਬੁਲਾਉਣ ਦੀ ਫ਼ੈਡਰਲ ਸਰਕਾਰ ਦੀ ‘ਸਭ ਲਈ ਇੱਕੋ ਨੀਤੀ’ ਦੀ ਪਹੁੰਚ ਦਾ ਹਮੇਸ਼ਾ ਤੋਂ ਵਿਰੋਧ ਕਰਦੀ ਰਹੀ ਹੈ। 

ਫ਼ੈਡਰਲ ਵਿਗਿਆਨੀਆਂ ਅਤੇ ਹੋਰ ਪੇਸ਼ੇਵਰਾਂ ਦੀ ਇਸ ਯੂਨੀਅਨ ਨੇ ਕਿਹਾ ਕਿ ਉਕਤ ਪਹੁੰਚ ਦੇ ਨਤੀਜੇ ਵਜੋਂ ਵਰਕਰਾਂ ਦੀ ਸਮਰੱਥਾ ਵਿੱਚ ਕਮੀ ਆਈ ਹੈ, ਅਸੰਤੁਸ਼ਟੀ ਵਧੀ ਹੈ, ਅਤੇ ਇਸ ਨੇ ਉਹਨਾਂ ਪਬਲਿਕ ਸਰਵੈਂਟਸ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ 'ਤੇ ਕੈਨੇਡੀਅਨਜ਼ ਨਿਰਭਰ ਕਰਦੇ ਹਨ

ਕਾਰ ਨੇ ਲਿਖਿਆ, ਪ੍ਰੀਮੀਅਰ ਫ਼ੋਰਡ ਨੂੰ ਇਸ ਮੁੱਦੇ ਨੂੰ ਉਨ੍ਹਾਂ ਕੋਲ ਹੀ ਛੱਡ ਦੇਣਾ ਚਾਹੀਦਾ ਹੈ ਜਿਨ੍ਹਾਂ ਨਾਲ ਇਹ ਸਬੰਧਤ ਹੈ

ਪਬਲਿਕ ਸਰਵੈਂਟਸ ਦੀ ਸਭ ਤੋਂ ਵੱਡੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਨੇ ਸੀਬੀਸੀ ਵੱਲੋਂ ਟਿੱਪਣੀ ਲਈ ਬੇਨਤੀ ਦਾ ਅਜੇ ਜਵਾਬ ਨਹੀਂ ਦਿੱਤਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ